![]() |
ਸਿੱਖ ਨੇਤਾ ਗੁਰਲਾਢ ਸਿੰਘ ਕਾਹਲੋਂ |
ਨਵੀਂ ਦਿੱਲੀ, 25 ਅਪ੍ਰੈਲ: ਹਾਲ ਹੀ 'ਚ ਪਹਿਲਗਾਮ 'ਚ ਹੋਏ ਆਤੰਕੀ ਹਮਲੇ ਤੋਂ ਬਾਅਦ ਦੇਸ਼ ਭਰ 'ਚ ਇਸ ਪ੍ਰਤੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਲਾਢ ਸਿੰਘ ਕਾਹਲੋਂ ਨੇ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਕਸ਼ਮੀਰ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਹੁਣ ਸਿਰਫ਼ ਮੋਮਬੱਤੀ ਮਾਰਚ ਕੱਢਣ ਨਾਲ ਕੁਝ ਨਹੀਂ ਬਣੇਗਾ। ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਆਤੰਕ ਦੇ ਖਿਲਾਫ਼, ਕਸ਼ਮੀਰ ਅਤੇ ਕਸ਼ਮੀਰੀਅਤ ਨੂੰ ਬਚਾਉਣ ਲਈ ਆਈਐਸਆਈ, ਪਾਕਿਸਤਾਨ ਸਰਕਾਰ ਅਤੇ ਆਤੰਕੀ ਸੰਗਠਨਾਂ ਦੇ ਖਿਲਾਫ਼ ਖੁੱਲ੍ਹ ਕੇ ਆਵਾਜ਼ ਚੁੱਕਣੀ ਹੋਵੇਗੀ, ਨਹੀਂ ਤਾਂ ਉਹਨਾ ਦੀ ਰੋਜ਼ੀ-ਰੋਟੀ ਖਤਮ ਹੋਣ ਕਾਰਨ ਜੀਵਨ ਚਲਾਉਣਾ ਔਖਾ ਹੋ ਜਾਵੇਗਾ।
ਗੁਰਲਾਢ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕਸ਼ਮੀਰ 'ਚ ਜਿਵੇਂ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਹੋਇਆ, ਉਹ ਆਈਐਸਆਈ ਵਰਗੇ ਆਤੰਕੀ ਸੰਗਠਨਾਂ ਨੂੰ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਦੇ ਮਕਸਦ ਤਾਂ ਉਦੋਂ ਹੀ ਸਫਲ ਹੁੰਦੇ ਹਨ ਜਦੋਂ ਕਸ਼ਮੀਰੀ ਲੋਕ ਬੇਰੋਜ਼ਗਾਰ ਹੁੰਦੇ ਹਨ, ਤਾਂ ਹੀ ਉਹ ਉਹਨਾਂ ਦੇ ਭੜਕਾਏ ਹੋਏ ਜਿਹਾਦ ਦੇ ਰਾਹ 'ਤੇ ਚੱਲਦੇ ਹਨ।
ਗੁਰਲਾਢ ਸਿੰਘ ਨੇ ਕਿਹਾ ਕਿ ਜਿਵੇਂ ਘਰ ਆਏ ਮਹਿਮਾਨਾਂ 'ਤੇ ਹਮਲਾ ਕੀਤਾ ਗਿਆ, ਉਨ੍ਹਾਂ ਨੂੰ ਮਾਰ ਕੇ ਵੱਡਾ ਗੁਨਾਹ ਕੀਤਾ ਗਿਆ ਹੈ, ਇਸ ਲਈ ਐਸੇ ਲੋਕਾਂ ਦੇ ਖਿਲਾਫ਼ ਭਾਰਤ ਸਰਕਾਰ ਨੂੰ ਹੀ ਨਹੀਂ ਸਗੋਂ ਹਰ ਇੱਕ ਕਸ਼ਮੀਰੀ ਨੂੰ ਖੁੱਲ੍ਹ ਕੇ ਆਵਾਜ਼ ਚੁੱਕਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਸ੍ਰੀਨਗਰ ਦੇ ਸੰਸਦ ਮੈਂਬਰ ਆਗਾਹ ਰਹੁੱਲਾ ਖਾਨ ਨੇ ਸੈਲਾਨੀਆਂ ਨੂੰ ਹਮਲਾਵਰ ਦੱਸਿਆ ਤੇ ਪੀ.ਡੀ.ਪੀ. ਦੇ ਵਿਧਾਇਕ ਵਾਹਿਦ ਪਾਰਾ ਨੇ ਅੱਸੀ ਹਜ਼ਾਰ ਡੋਮਿਸਾਈਲ ਬਣਨ ਦੀ ਗੱਲ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ, ਉਸੇ ਗੱਲ ਨੂੰ ਹਮਲਾ ਕਰਨ ਵਾਲੇ ਆਤੰਕੀ ਸੰਗਠਨ (ਲਸ਼ਕਰ-ਏ-ਤੋਈਬਾ) ਨੇ ਵੀ ਆਪਣੇ ਬਿਆਨ ਵਿੱਚ ਦੱਸਿਆ ਹੈ।
ਘਾਟੀ ਦੇ ਇਹ ਨੇਤਾ ਪਾਕਿਸਤਾਨ ਦੀ ISI ਅਤੇ ਆਰਮੀ ਦੇ ਏਜੰਡੇ ਨੂੰ ਆਪਣੇ ਜ਼ਹਿਰੀਲੇ ਬਿਆਨਾਂ ਰਾਹੀਂ ਹਮੇਸ਼ਾ ਹਿੰਦੂਆਂ ਅਤੇ ਸਿੱਖਾਂ ਖ਼ਿਲਾਫ਼ ਵਰਤਦੇ ਆਏ ਹਨ। ਇਨ੍ਹਾਂ ਦੇ ਇਹੀ ਬਿਆਨ ਇਥੋਂ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਘਾਟੀ ਵਿੱਚ ਨਾ ਰਹਿਣ 'ਤੇ ਮਜਬੂਰ ਕਰਦੇ ਆਏ ਹਨ। ISI ਇਨ੍ਹਾਂ ਦੇ ਬਿਆਨਾਂ ਨੂੰ ਹਥਿਆਰ ਬਣਾਕੇ ਇਥੇ ਹਿੰਦੂਆਂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਆਈ ਹੈ।
ਉਨ੍ਹਾਂ ਕਿਹਾ ਕਿ ਕਸ਼ਮੀਰੀ ਨੇਤਾਵਾਂ ਦੇ ਜਿਹੇ ਬਿਆਨ ਆ ਰਹੇ ਹਨ, ਉਹ ਸਿੱਧਾ ਸਾਬਤ ਕਰਦੇ ਹਨ ਕਿ ਉਹਨਾਂ ਦਾ ਏਜੰਡਾ ਆਈਐਸਆਈ ਵਾਲਾ ਹੀ ਹੈ, ਕਿਉਂਕਿ ਜੋ ਗੱਲਾਂ ਉਹ ਬਿਆਨ ਕਰਦੇ ਹਨ, ਉਹੀ ਗੱਲਾਂ ਆਤੰਕੀ ਵੀ ਬੇਗੁਨਾਹ ਸੈਲਾਨੀਆਂ ਨੂੰ ਗੋਲੀਆਂ ਮਾਰ ਕੇ ਦੱਸਦੇ ਹਨ। ਇਸ ਲਈ ਐਸੇ ਵੱਖਵਾਦੀ ਨੇਤਾਵਾਂ 'ਤੇ ਵੀ ਸਰਕਾਰ ਨੂੰ ਸਖਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਫੌਰਨ ਹਿਰਾਸਤ ਵਿੱਚ ਲੈ ਕੇ ਜਾਂਚ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਹਮਲਾ ਹੁਣ ਹੋਇਆ ਹੈ ਪਰ ਇਹਦੀ ਪੇਸ਼ਬੰਦੀ ਲੱਗਦਾ ਹੈ ਕਾਫੀ ਸਮੇਂ ਤੋਂ ਹੋ ਰਹੀ ਸੀ – ਇਹ ਵੀ ਜਾਂਚ ਦਾ ਵਿਸ਼ਾ ਹੈ। ਉਹ ਇਸ ਬਾਬਤ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਵੀ ਲਿਖ ਰਹੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਲੋਕਾਂ ਨੂੰ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਦਿਆਂ, ਉਨ੍ਹਾਂ ਦੇ ਮਕਸਦਾਂ ਨੂੰ ਨਾਕਾਮ ਕਰਨਾ ਹੋਵੇਗਾ।
ਵੀਡਿਓ ਦੇਖੋਂ
Post a Comment